Saturday, February 20, 2010

My most favorite Punjabi poems

ਮਾਂ ਵਰਗਾ ਘਣਛਾਂਵਾਂ ਬੂਟਾ,
ਮੈਨੂੰ ਨਜ਼ਰ ਨਾ ਆਏ
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸੁਰਗ ਬਣਾਏ
ਬਾਕੀ ਕੁੱਲ ਦੁਨੀਆਂ ਦੇ ਬੂਟੇ
ਜੜ੍ਹ ਸੁਕਿਆਂ ਮੁਰਝਾਂਦੇ
ਐਪਰ ਫੁੱਲਾਂ ਦੇ ਮੁਰਝਾਂਦਿਆਂ
ਇਹ ਬੂਟਾ ਸੁੱਕ ਜਾਵੇ
(ਪ੍ਰੋ. ਮੋਹਨ ਸਿੰਘ)


ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ-ਵਿਚੀ
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ
ਕੁੱਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ
ਜਾਗਣ ਵਾਲਿਆਂ ਰੱਜ ਕ ਲੁੱਟਿਆ ਏ
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ
ਲਾਲੀ ਅੱਖੀਆਂ ਦੀ ਪਈ ਦੱਸਦੀ ਏ
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ
(ਉਸਤਾਦ ਦਾਮਨ, ਦੇਸ਼ ਦੀ ਵੰਡ ਬਾਰੇ)


ਮੌਜ ਲਾਈ ਦਰਿਆਵਾਂ ਸੋਹਣੀ, ਬਾਗ ਜ਼ਮੀਨਾਂ ਫ਼ਲਦੇ
'ਸ਼ਰਫ' ਪੰਜਾਬੀ ਧਰਤੀ ਉੱਤੇ, ਠੁਮਕ ਠੁਮਕ ਪਏ ਚਲਦੇ
ਸਤਲੁਜ, ਰਾਵੀ, ਜੇਹਲਮ, ਅਟਕ, ਚਨਾਬ ਨੀ ਸਈਓ !
ਸੋਹਣਾ ਦੇਸਾਂ ਅੰਦਰ ਦੇਸ ਪੰਜਾਬ ਨੀ ਸਈਓ!
(ਫ਼ਿਰੋਜ਼ਦੀਨ ਸ਼ਰਫ)


ਮਾਂ ਛਾਂ ਜ਼ਿੰਦਗੀ ਦੇ ਨਿੱਕੜੇ ਜਹੇ ਦਿਲ ਵਿੱਚ
ਸੋਮਾ ਓਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ
ਅੱਜ ਤੀਕਣ ਜੀਹਦਾ ਕਿਸੇ ਥਾਹ ਤਲਾ ਨਹੀਂ ਲੱਭਾ
ਮਾਰ ਮਾਰ ਟੁੱਭੀਆਂ ਹੈ ਸਾਰਾ ਜੱਗ ਹਾਰਿਆ
(ਮਾਂ ਦਾ ਦਿਲ, ਫ਼ਿਰੋਜ਼ਦੀਨ ਸ਼ਰਫ)


ਇਹ ਦੁਨੀਆਂ ਨਹੀਂ ਕਮਜ਼ੋਰਾਂ ਦੀ,
ਇਹ ਜਗਤ ਨਹੀਂ ਬੀਮਾਰਾਂ ਦਾ,
ਇਹ ਰਣ ਹੈ ਵੀਰ ਬਹਾਦੁਰਾਂ ਦਾ,
ਇਹ ਪਿੜ ਹੈ ਸ਼ਾਹ ਸਵਾਰਾਂ ਦਾ
(ਅਵਤਾਰ ਸਿੰਘ ਆਜ਼ਾਦ)

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ
ਮੇਰੇ ਦੇਸ਼ ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ
ਸਰੂ ਵਰਗੀ ਜਵਾਨੀ ਮੈਂ ਫੂਕਣੀ ਏ ਬਹਿ ਗਏ ਭੂੰਡ ਜੋ ਆਣ ਗੁਲਾਬ ਉੱਤੇ
(ਦੇਸ਼ ਪਿਆਰ, ਪ੍ਰੋ. ਮੋਹਨ ਸਿੰਘ)

ਇੱਕਨਾਂ ਦੇ ਘਰ ਪੁੱਤ, ਪੁੱਤਾਂ ਦੇ ਘਰ ਪੋਤਰੇ
ਇੱਕਨਾਂ ਦੇ ਘਰ ਧੀਆਂ, ਧੀਆਂ ਦੇ ਘਰ ਦੋਹਤਰੇ
ਇੱਕਨਾਂ ਦੇ ਘਰ ਇੱਕ, ਤੇ ਓਹ ਵੀ ਜਾਂਦਾ ਮਰ
ਵਜੀਦਾ ਕੌਣ ਸਾਹਿਬ ਨੂੰ ਆਖੇ, ਇਉਂ ਨਹੀਂ ਇੰਝ ਕਰ
(ਵਜੀਦ)

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ
ਰਾਂਝਾ ਮੈਂ ਵਿਚ ਮੈਂ ਰਾਂਝੇ ਵਿਚ ਹੋਰ ਖਿਆਲ ਨਾ ਕੋਈ
ਮੈਂ ਨਹੀ ਓਹ ਆਪੇ ਹੈਂ, ਆਪਣੀ ਆਪ ਕਰੇ ਦਿਲਜੋਈ
ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੋਢੇ ਭੂਰਾ ਲੋਈ
ਬੁਲ੍ਹਾ ਹੀਰ ਸਲੇਟੀ ਦੇਖੋ, ਕਿੱਥੇ ਜਾ ਖਲੋਈ
(ਦਿਲਜੋਈ= ਦਿਲਾਸਾ, ਮੰਗੂ= ਮੱਝਾਂ ਦਾ ਵੱਗ)


...to be continued.

No comments: