Saturday, February 20, 2010

Ajj Aakhaan Waris Shah nu

Amrita Pritam

ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ,
ਤੇ ਅੱਜ ਕਿਤਾਬ-ਏ-ਇਸ਼ਕ਼ ਦਾ ਕੋਈ ਅਗਲਾ ਵਰਕਾ ਫ਼ੋਲ
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਬਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਰ ਰਲਾ
ਤੇ ਓਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਰ
ਗਿੱਠ ਗਿੱਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵੇਹ ਵਲੀਸੀ ਵ੍ਹਾ ਫੇਰ, ਵਨ ਵਨ ਵੱਗੀ ਜਾ,
ਓਹਨੇ ਹਰ ਇੱਕ ਵੰਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਲਾ ਡੰਗ ਮਦਾਰੀਆਂ, ਮੰਤਰ ਗਏ ਗੁਆਚ,
ਦੂਜੇ ਡੰਗ ਦੀ ਲੱਗ ਗਈ, ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ,
ਪਲੋ ਪਲੀ ਪੰਜਾਬ ਦੇ, ਨੀਲੇ ਪੈ ਗਏ ਅੰਗ
ਗਲਿਓਂ ਟੁੱਟੇ ਗੀਤ ਫਿਰ, ਤਕਲਿਓਂ ਟੁੱਟੀ ਤੰਦ,
ਤ੍ਰਿੰਝਣੋਂ ਟੁੱਟੀਆਂ ਸਹੇਲੀਆਂ, ਚਰਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ, ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ, ਪਿਪਲਾਂ ਦਿੱਤੀ ਤੋਰ
ਜਿੱਥੇ ਵੱਜਦੀ ਸੀ ਫ਼ੂਕ ਪਿਆਰ ਦੀ, ਵੇ ਓਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਓਹਦੀ ਜਾਚ
ਧਰਤੀ ਤੇ ਲਹੂ ਵਰਸਿਆ, ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਹਜ਼ਾਦੀਆਂ, ਅੱਜ ਵਿੱਚ ਮਜ਼ਾਰਾਂ ਰੋਣ
ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ਼ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ
ਤੇ ਅੱਜ ਕਿਤਾਬ-ਏ-ਇਸ਼ਕ਼ ਦਾ ਕੋਈ ਅਗਲਾ ਵਰਕਾ ਫ਼ੋਲ

1 comment:

Pankaj said...

Although I studied Punjabi for many years at school, the above is impossible for me!

I saw the poem "asi fir milange" by Amrita Pritam narrated by Gulzar in youtube, and really liked it.