ਏਨਾ ਹੀ ਬਹੁਤ ਹੈ ਕੀ ਮੇਰੇ ਖੂਨ ਨੇ ਰੁੱਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ
ਸੜਕ ਉੱਤੇ ਡੁਲ੍ਹੇ ਹੋਏ ਉਸਦੇ ਗੱਭਰੂ ਖੂਨ 'ਚੋਂ
ਉਮਰ ਦੇ ਬਾਕੀ ਹਜ਼ਾਰਾਂ ਝਿਲਮਿਲਾਂਦੇ ਦਿਨ ਮਿਲੇ
ਮੁੱਦਤਾਂ 'ਚੋਂ ਉਸ 'ਚ ਕੋਈ ਕੰਵਲ ਨਹੀਂ ਸੀ ਉੱਗਿਆ
ਡੁੱਬ ਕੇ ਕਾਲੀ ਝੀਲ ਵਿੱਚ ਉਸਨੂੰ ਤਦੇ ਮਰਨਾ ਪਿਆ
ਸੀ ਬਹੁਤ ਗਹਿਰੀ ਉਦਾਸੀ ਜੇ ਮੈਂ ਦਿਲ ਵਿਚ ਦੇਖਦਾ
ਇਸ ਲਈ ਮੈਂ ਸੱਖਣੇ ਅਸਮਾਨ ਵੱਲ ਤੱਕਦਾ ਰਿਹਾ
ਲਫਜ਼ ਹਾਂ ਗਲੀਆਂ 'ਚ ਰੁਲਦੇ ਹਾਂ
ਸਾਨੂੰ ਲੈ ਜਾਓ ਸ਼ਾਇਰੀ ਤੀਕਰ
ਇਸ ਮੌਸਮ ਦਾ ਨਾਮ ਕੀ ਰੱਖੀਏ ਮਾਰੀਏ ਵਾਜ ਕਿਵੇਂ
ਇਹੀ ਸੋਚਦਿਆਂ ਨੂੰ ਯਾਰੋ ਮੌਸਮ ਬੀਤ ਗਿਆ
ਮੈਂ ਕਦ ਕਿਸੇ ਨੂੰ ਛਾਂ ਕੀਤੀ ਮੈਂ ਕਦ ਬਣਿਆ ਦਰਿਆ
ਹੁਣ ਕੀ ਰੋਸ ਜੇ ਯਾਰਾਂ ਦੇ ਵੀ ਨੈਣ ਗਏ ਪਥਰਾ
ਮੈਂ ਤਾਂ ਬੱਸ ਏਨਾ ਕਿਹਾ ਸੀ ਨਾ ਜਲਾਓ ਫੁੱਲ
ਅੱਗ ਮੈਨੂੰ ਫੜ ਕੇ ਲੈ ਗਈ ਕਹਿ ਕੇ ਚੋਰ ਚੋਰ
ਜ਼ਖਮ ਨੂੰ ਜ਼ਖਮ ਲਿਖੋ ਖ਼ਾਮਖਾ ਕੰਵਲ ਨਾ ਲਿਖੋ
ਸਿਤਮ ਹਟਾਓ ਸਿਤਮ ਤੇ ਨਿਰੀ ਗਜ਼ਲ ਨਾ ਲਿਖੋ
ਇੱਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵਟਨਾ ਮਲ ਕੇ
ਏਨਾ ਉੱਚਾ ਤਖਤ ਸੀ ਅਦਲੀ ਰਾਜੇ ਦਾ
ਮਜ਼ਲੂਮਾਂ ਦੀ ਉਮਰ ਰਾਹ ਵਿਚ ਹੀ ਬੀਤ ਗਈ
ਮਸਜਿਦ ਦੇ ਆਖਣ 'ਤੇ ਕਾਜ਼ੀ ਦੇ ਫਤਵੇ ਤੇ
ਅੱਲ੍ਹਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ
ਜਿਸ ਚ ਸੂਲੀ ਦਾ ਇੰਤਜ਼ਾਮ ਨਹੀਂ
ਯਾਰੋ ਐਸਾ ਕਿਤੇ ਨਿਜ਼ਾਮ ਨਹੀਂ ਹੈ
ਬਲਦਾ ਬਿਰਖ ਹਾਂ, ਖਤਮ ਹਾਂ, ਬੱਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕ਼ਮ ਅਤੇ ਸਰਦਾਰੀ
ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ
ਜਾਂ ਤਾਂ ਫੌਜੀ ਮਰ ਗਿਆ ਹੋਣਾ ਜਾਂ ਕੋਈ ਹੋਰ ਖੁਆਰੀ
ਪਿੰਡ 'ਚ ਲੋਕੀਂ ਡਰ ਜਾਂਦੇ ਜੇ ਖ਼ਤ ਆਵੇ ਸਰਕਾਰੀ
ਕਾਲੇ ਧਨ ਦੇ ਚਿੱਟੇ ਸਿੱਕੇ ਚਾੜ੍ਹ ਗਏ ਵਿਓਪਾਰੀ
ਮੰਦਰ ਵਿੱਚ ਮੁਸਕਾਈ ਜਾਵੇ ਫਿਰ ਵੀ ਕ੍ਰਿਸ਼ਨ ਮੁਰਾਰੀ
ਬਾਂਹੀਂ ਚੂੜਾ, ਹੱਥੀਂ ਮਹਿੰਦੀ, ਸਿਰ ਸੂਹੀ ਫੁਲਕਾਰੀ
ਕੰਨੀਂ ਕਾਂਟੇ, ਨੈਣੀ ਕਜਲਾ, ਕਜਲੇ ਵਿੱਚ ਲਾਚਾਰੀ
ਮਨ ਮਰਿਆ ਤਾਂ ਸੋਗ ਨਾ ਕੀਤਾ, ਨਾ ਰੋਏ ਰੂਹ ਵਾਰੀ
ਤਨ ਢੱਠਾ ਤਾਂ ਸ਼ੁਹਦੇ ਯਾਰਾਂ ਕੂਕ ਗਜ਼ਬ ਦੀ ਮਾਰੀ
ਤੂੰ ਵੀ ਬੁਝ ਜਾਵੇਂਗਾ, ਇੱਕ ਦੀਵਾ ਮਸੀਂ ਦਾ ਘਰ ਦੇ ਕੋਲ
ਰਹਿਣ ਦੇ ਗਲੀਆਂ 'ਚ ਰੋਂਦੀ ਪੌਣ, ਤੂੰ ਬੂਹਾ ਨਾ ਖੋਲ੍ਹ
ਝੀਲ ਦੀ ਫਿਤਰਤ ਹੈ ਸਭ ਦੇ ਸਾਹਮਣੇ ਸੱਚ ਆਖਣਾ
ਝੀਲ ਦੀ ਕਿਸਮਤ ਹੈ ਭਰਨੀ ਪੱਥਰਾਂ ਦੇ ਨਾਲ ਝੋਲ
ਮੈਂ ਕਿਓਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ
ਚਾਰ ਦਿਨਾਂ ਦੀ ਜ਼ਿੰਦਗੀ ਮੌਤ ਹਜ਼ਾਰਾਂ ਸਾਲ
ਸੜਕ ਤੇ ਵੇਖੇਂਗਾ ਨੰਗੇ ਪੈਰ ਭਜਦੀ ਛਾਂ ਜਿਹੀ
ਇਹ ਮੁਹੱਬਤ ਹੈ ਜਾਂ ਮਮਤਾ, ਯਾਦ ਕੁਝ ਕੁਝ ਆਏਗਾ
ਲੋੜ ਕੀ ਹੈ ਏਸ ਦੀ ਕੋਈ ਯਾਦਗਾਰ ਬਨਾਉਣ ਦੀ
ਬਿਰਖ ਸੁੱਕ ਜਾਏਗਾ, ਬਿਲਕੁਲ ਬੁੱਤ ਹੀ ਬਣ ਜਾਏਗਾ
ਚੋਟਾਂ ਖਾ ਕੇ ਆਖਰ ਖੁਦ ਹੀ ਪੱਥਰ ਜਾਵੇ ਹੋ
ਦਿਲ ਹੈ ਕੋਈ ਜਿਸਮ ਨਹੀਂ ਹੈ ਮੰਗੇ ਜਿਹੜਾ ਢਾਲ
ਰੂਹ ਦਾ ਖ਼ਾਲੀਪਨ ਹੈ ਯਾਰੋ ਕੀ ਰੌਣਕ ਕੀ ਮੇਲੇ
ਇਹ ਕੋਈ ਆਕਾਸ਼ ਨਹੀਂ ਹੈ ਜੋ ਭਰ ਜਾਏ ਤਾਰਿਆਂ ਨਾਲ
ਅਜਾਈਂ ਮਰਨਗੇ ਹਰਫਾਂ ਦੇ ਹਿਰਨ ਖ਼ਪ ਖ਼ਪ ਕੇ
ਚਮਕਦੀ ਰੇਤ ਨੂੰ ਯਾਰੋ ਨਦੀ ਦਾ ਤਲ ਨਾ ਲਿਖੋ
ਇਹ ਕੀ ਹੁਨਰ ਹੈ ਭਲਾ ਕੀ ਕਲਾ ਕਹੇ ਜਿਹੜੀ
ਹੁਸਨ ਨੂੰ ਹੁਸਨ ਲਿਖੋ ਕ਼ਤਲ ਨੂੰ ਕ਼ਤਲ ਨਾ ਲਿਖੋ
Saturday, February 20, 2010
Surjit Patar
at 12:09 AM
Labels: Collection
No comments:
Post a Comment