ਬਾਲ ਬੁੱਢੇ ਗਭਰੂ ਮੇਲੇ ਵਿਚ ਆਏ ਨੇ,
ਟੁੰਬ- ਟੁੰਬ ਰੀਝਾਂ ਨੇ ਸਾਰੇ ਜਗਾਏ ਨੇ,
ਭਾਂਤੋ-ਭਾਂਤ ਦਿਲ, ਭਾਂਤੋ-ਭਾਂਤ ਮਾਲ ਨੇ,
ਟੋਲ੍ਹ ਰਹੇ ਆਪੋ ਆਪਣਾ ਖਿਆਲ ਨੇ,
ਮੇਲੇ ਦੀ ਬਹਾਰ ਤਰਕਾਲਾਂ ਤੀਕ ਏ,
ਸੌਦਾ ਲੈ ਵਿਹਾਝ ਜਿਹਦੀ ਜੋ ਤੌਫੀਕ ਏ,
ਪਲੋ ਪਲੀ ਵਿਚ ਹੋਈ ਚਲੋ ਚਲੀਏ
ਚਲ ਨੀ ਪ੍ਰੇਮੀਏ ਵਿਸਾਖੀ ਚਲੀਏ
ਨਿਕਲੀ ਬਸੰਤੋ ਵੇਸ ਕਰ
ਫੁੱਲਾਂ ਦੀ ਖਾਰੀ ਸਿਰ ਤੇ ਧਰ,
ਖਿੜਦੀ ਤੇ ਹੱਸਦੀ ਗਾਉਂਦੀ,
ਨੱਚਦੀ ਤੇ ਪੈਲਾਂ ਪਾਉਂਦੀ
ਸਾਉਣ ਮਾਹ ਲੜੀਆਂ ਗਰਮੀ ਝਾੜ ਸੁੱਟੀ
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ
(ਸਾਉਣ, ਚਾਤ੍ਰਿਕ)
ਸਿਖਰ ਦੁਪਹਿਰ ਜੇਠ ਦੀ, ਵਰ੍ਹਨ ਪਏ ਅੰਗਿਆਰ
ਲੋਆਂ ਵਾਵਰੋਲਿਆਂ ਰਾਹੀ ਲਏ ਖਲ੍ਹਾਰ
ਲੋਹ ਤਪੇ ਜਿਓਂ ਪ੍ਰਿਥਵੀ ਭੱਖ ਲਵਣ ਅਸਮਾਨ
ਪਸ਼ੂਆਂ ਜੀਭਾਂ ਸੁੱਟੀਆਂ, ਪੰਛੀ ਭੱਜਦੇ ਜਾਣ
ਛਿੰਝ ਦੀ ਤਿਆਰੀ ਹੋਈ ਢੋਲ ਵੱਜਦੇ
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ
ਲਿਸ਼ਕਦੇ ਨੇ ਪਿੰਡੇ ਗੁੰਨ੍ਹੇ ਹੋਏ ਤੇਲ ਦੇ
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ
Saturday, February 20, 2010
Dhani Ram Chatrik
at 12:08 AM
Labels: Collection
No comments:
Post a Comment